ਫਗਵਾੜਾ 10 ਅਪ੍ਰੈਲ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਹਜ਼ਾਰਾਂ ਪਾਰਟੀ ਵਰਕਰਾਂ ਸਮੇਤ ਡਾ. ਚੱਬੇਵਾਲ ਨੇ ਖੁੱਲ੍ਹੇ ਵਾਹਨ ਵਿੱਚ ਸਵਾਰ ਹੋ ਕੇ ਰੋਡ ਸ਼ੋਅ ਦੇ ਰੂਪ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਜਿਸ ਵਿੱਚ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਤੋਂ ‘ਆਪ’ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਰੋਡ ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਨੇ ਦੱਸਿਆ ਕਿ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਹੋਇਆ ਇਕੱਠ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ‘ਆਪ’ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ‘ਆਪ’ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹਨੇ੍ਹਰੀ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਵਾਲੀ ਭਾਜਪਾ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਇਸ ਮੌਕੇ ਹਰਨੂਰ ਸਿੰਘ ਹਰਜੀ ਮਾਨ, ਅਵਤਾਰ ਸਿੰਘ ਸਾਬਕਾ ਸਰਪੰਚ ਪੰਡਵਾ, ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆ, ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਫੌਜੀ ਸ਼ੇਰਗਿੱਲ, ਨਰੇਸ਼ ਸ਼ਰਮਾ, ਸੁਭਾਸ਼ ਕਵਾਤਰਾ, ਸੋਨੂੰ ਪਹਿਲਵਾਨ, ਰਵਿੰਦਰ ਰਵੀ ਸਾਬਕਾ ਕੌਂਸਲਰ, ਅਮਰਿੰਦਰ ਸਿੰਘ, ਕੇਸ਼ੀ ਗੰਡਵਾ, ਰਣਵੀਰ ਸਿੰਘ ਜਗਤਪੁਰ ਜੱਟਾਂ, ਕਿਸ਼ਨ ਸਿੰਘ, ਅਗਿਆਪਾਲ ਸਿੰਘ, ਪਰਮਜੀਤ ਧਰਮਸੋਤ ਸਮੇਤ ਵੱਡੀ ਗਿਣਤੀ ’ਚ ‘ਆਪ’ ਵਰਕਰ ਹਾਜ਼ਰ ਸਨ।